ਖਡੂਰ ਸਾਹਿਬ- ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਨੈਕ ਵੱਲੋਂ “ਏ” ਗ੍ਰੇਡ ਪ੍ਰਾਪਤ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ “ਨਸ਼ਾ ਮੁਕਤ ਸਮਾਜ” ਵਿਸ਼ੇ ਉੱਪਰ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ.ਸੁਰਿੰਦਰ ਬੰਗੜ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਜ਼ਿਲ੍ਹਾ ਤਰਨ ਤਾਰਨ ਅਤੇ ਕਾਲਜ ਦੇ ਐਨ. ਐਸ. ਐਸ. ਤੇ ਐਨ. ਸੀ. ਸੀ. ਵਿਭਾਗਾਂ ਦੇ ਸਾਂਝੇ ਉੱਦਮ ਸਦਕਾ “ਨਸ਼ਾ ਮੁਕਤ ਸਮਾਜ” ਵਿਸ਼ੇ ਉੱਪਰ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਇਸ ਵਿੱਚ ਸ. ਸਤਪਾਲ ਸਿੰਘ, ਡੀ.ਐਸ.ਪੀ., ਗੋਇੰਦਵਾਲ ਸਾਹਿਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਡਾ. ਕੰਵਲਜੀਤ ਸਿੰਘ ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਨਸ਼ੇ ਦੀ ਵਰਤੋਂ ਅਤੇ ਨਸ਼ੇ ਦੇ ਵਪਾਰਕ ਧੰਦੇ ਦੇ ਸੂਖਮ ਕਾਰਨਾਂ ਵੱਲ ਧਿਆਨ ਦੁਆਇਆ। ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ ਮਨੁੱਖੀ ਦੇਹ ਅਤੇ ਮਨ ਨੂੰ ਆਰਥਿਕ ਲਾਭ ਲਈ ਵਪਾਰਕ ਵਸਤ ਵਿੱਚ ਤਬਦੀਲ ਕਰਨ ਦੀ ਰੁਚੀ ਨੇ ਸਾਰੀਆਂ ਕਦਰਾਂ ਕੀਮਤਾਂ ਦਾ ਘਾਣ ਕਰ ਦਿੱਤਾ ਹੈ। ਇਸ ਵਿੱਚ ਨਸ਼ੇ ਅਤੇ ਸਿਹਤ ਸਬੰਧੀ ਹੋਰ ਵਿਗਾੜ ਪੈਦਾ ਹੋ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਨਸ਼ੇੜੀ ਵਿਅਕਤੀ ਨਾਲ ਨਫਰਤ ਨਹੀਂ ਕਰਨੀ ਚਾਹੀਦੀ ਬਲਕਿ ਉਸ ਨਾਲ ਇੱਕ ਮਾਨਸਿਕ ਮਰੀਜ਼ ਵਾਂਗ ਵਿਹਾਰ ਕਰਨਾ ਚਾਹੀਦਾ ਹੈ। ਮੁੱਖ ਮਹਿਮਾਨ ਡੀ.ਐਸ.ਪੀ. ਸ. ਸਤਪਾਲ ਸਿੰਘ ਨੇ ਕਿਹਾ ਕਿ ਪੁਲਿਸ ਤੁਹਾਡੀ ਮਦਦਗਾਰ ਦੋਸਤ ਹੈ ਅਤੇ ਜਨਤਾ ਦੇ ਸਹਿਯੋਗ ਨਾਲ ਹੀ ਪੁਲਿਸ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਲਾਗੂ ਕਰ ਸਕਦੀ ਹੈ ਉਹਨਾਂ ਅਪੀਲ ਕੀਤੀ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ, ਪੁਲਿਸ ਸੂਚਨਾ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖ ਕੇ ਕਾਰਵਾਈ ਕਰੇਗੀ। ਉਹਨਾਂ ਪੁਲਿਸ ਦੀ ਸਹਾਇਤਾ ਨਾਲ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ੇੜੀਆਂ ਨੂੰ ਭਰਤੀ ਕਰਵਾਉਣ ਦੀ ਯੋਜਨਾ ਸਬੰਧੀ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇੰਸਪੈਕਟਰ ਹਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਦੌਰਾਨ ਨਸ਼ੇ ਦੀ ਭੈੜੀ ਆਦਤ ਤੋਂ ਬਚਣ ਅਤੇ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਧੰਨਵਾਦੀ ਸ਼ਬਦ ਡਾ. ਕੁਲਦੀਪ ਸਿੰਘ ਨੇ ਪੇਸ਼ ਕੀਤੇ। ਇਸ ਮੌਕੇ ਸ੍ਰੀ ਮਨਮੋਹਨ ਸਿੰਘ ਚੌਂਕੀ ਇੰਚਾਰਜ, ਖਡੂਰ ਸਾਹਿਬ, ਪ੍ਰੋ. ਰਹਿਤ ਸ਼ਰਮਾ, ਪ੍ਰੋ. ਜਤਿੰਦਰ ਸਿੰਘ, ਪ੍ਰੋ ਜਸਪਾਲ ਸਿੰਘ, ਪ੍ਰੋ. ਹਰਮੀਤ ਕੌਰ, ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Comments
Post a Comment