ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਵਿਖੇ ਸੈਸ਼ਨ 2016-17 ਦੀ ਸਮਾਪਤੀ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਬੰਗੜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਦਰਸਾਈ ਉਚੇਰੀਆਂ ਕਦਰਾਂ/ਕੀਮਤਾਂ ਵਾਲੀ ਜੀਵਨ ਜਾਚ ਨਾਲ ਜੋੜਨ ਲਈ ਨਿਰੰਤਰ ਯਤਨਸ਼ੀਲ ਹੈ। ਇਸੇ ਦਿਸ਼ਾ ਵਿੱਚ ਅਕਦਾਮਿਕ ਸੈਸ਼ਨ 2016-17 ਦੀ ਸਮਾਪਤੀ ਅਤੇ ਪ੍ਰੀਖਿਆਵਾਂ ਵਿੱਚ ਸਫਲਤਾ ਪ੍ਰਾਪਤੀ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਲਈ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਸਾਹਿਬ ਕਰਵਾਏ ਗਏ, ਜਿੰਨ੍ਹਾਂ ਦੇ ਅੱਜ ਨਿਰਵਿਘਨਤਾ ਸਹਿਤ ਭੋਗ ਪਾਏ ਗਏ। ਉਪ੍ਰੰਤ ਸਜੇ ਹੋਏ ਦੀਵਾਨਾਂ ਵਿੱਚ ਕਾਲਜ ਵਿਦਿਆਰਥੀਆਂ ਅਤੇ ਪ੍ਰੋ. ਪਰਮਿੰਦਰ ਸਿੰਘ ਜੀ ਦੇ ਜੱਥਿਆਂ ਦੁਆਰਾ ਗੁਰਬਾਣੀ ਦਾ ਰਸ ਭਿੰਨਾਂ ਕੀਰਤਨ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਗੁਰਬਾਣੀ ਸਾਰੀਆਂ ਦਾਤਾਂ ਦਾ ਅਤੁੱਟ ਭੰਡਾਰਾ ਹੈ। ਇਸਦੀ ਓਟ ਲੈਣ ਵਾਲੇ ਸਦਾ ਸਫਲਤਾ ਪ੍ਰਾਪਤ ਕਰਦੇ ਹਨ। ਉਨ੍ਹਾਂ ਵਿਦਿਆਰਥੀ ਨੂੰ ਦਯਾ, ਨਿਮਰਤਾ ਅਤੇ ਪ੍ਰੇਮ ਦੇ ਗੁਣ ਧਾਰਨ ਕਰਨ ਦੀ ਪ੍ਰੇਰਨਾ ਵੀ ਕੀਤੀ। ਇਸ ਮੌਕੇ ਬਾਬਾ ਬਲਵਿੰਦਰ ਸਿੰਘ ਜੀ, ਕਾਰ ਸੇਵਾ ਖਡੂਰ ਸਾਹਿਬ, ਸ੍ਰ. ਅਵਤਾਰ ਸਿੰਘ ਬਾਜਵਾ, ਸਕੱਤਰ, ਕਾਲਜ ਪ੍ਰਬੰਧਕੀ ਕਮੇਟੀ, ਸ੍ਰ. ਗੁਰਦਿਆਲ ਸਿੰਘ ਗਿੱਲ, ਡਾਇਰੈਕਟਰ, ਬਾਬਾ ਗੁਰਮੁੱਖ ਸਿੰਘ ਬਾਬਾ ਉੱਤਮ ਸਿੰਘ ਸੀ.ਸੈਕੰ. ਸਕੂਲ, ਸਮੂਹ ਪ੍ਰਬੰਧਕੀ ਕਮੇਟੀ ਮੈਂਬਰਾਨ, ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Comments
Post a Comment