ਸ੍ਰੀ ਗੁਰੂ ਅੰਗਦ ਦੇਵ ਕਾਲਜ ਵਿਖੇ ਉੱਘੇ ਸਾਹਿਤਕਾਰ ਅਤੇ ਵਿਦਵਾਨ ਡਾ. ਗੁਰਬਖਸ਼ ਸਿੰਘ ਭੰਡਾਲ ਦਾ ਭਾਸ਼ਣ ਕਰਵਾਇਆ ਗਿਆ। ਕਾਲਜ ਪਿੰੰ੍ਰਸੀਪਲ ਡਾ. ਸੁਰਿੰਦਰ ਬੰਗੜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਅੰਗਦ ਦੇਵ ਕਾਲਜ ਵੱਲੋਂ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ 'ਤੇ ਵੱਖ-ਵੱਖ ਵਿਸ਼ਿਆਂ ਦੇ ਮਾਹਰ ਬੁਲਾ ਕੇ ਭਾਸ਼ਣ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ ਅਤੇ ਬੀ.ਐਡ ਕਾਲਜ ਦੇ ਸਾਂਝੇ ਉਦਮ ਨਾਲ ਸ਼੍ਰੋਮਣੀ ਸਾਹਿਤਕਾਰ ਐਵਾਰਡ ਨਾਲ ਸਨਮਾਨਿਤ ਅਤੇ ਵਿਗਿਆਨੀ ਡਾ. ਗੁਰਬਖਸ਼ ਭੰਡਾਲ ਦਾ ਪ੍ਰੇਰਣਾਦਾਇਕ ਭਾਸ਼ਣ ਆਯੋਜਤ ਕੀਤਾ ਗਿਆ ਹੈ। ਡਾ. ਭੰਡਾਲ ਨੇ ਸ਼ਖਸੀਅਤ ਦਾ ਵਿਕਾਸ ਵਿਸ਼ੇ ਉੱਪਰ ਵਿਚਾਰ ਪੇਸ਼ ਕੀਤੇ। ਉਨ੍ਹਾਂ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸੁਪਨੇ, ਦ੍ਰਿੜਤਾ, ਫੈਸਲਾਕੁੰਨ ਸ਼ਕਤੀ ਅਤੇ ਸਮਰਪਣ ਦੇ ਗੁਣ ਧਾਰਨ ਕਰਨੇ ਚਾਹੀਦੇ ਹਨ ਤਾਂ ਹੀ ਉਹ ਮਿੱਥੇ ਨਿਸ਼ਾਨੇ ਸਰ ਕਰ ਸਕਦੇ ਹਨ। ਉਨ੍ਹਾਂ ਅਜੋਕੀ ਰਹਿਤਲ ਵਿਚ ਖੇਰੂ-ਖੇਰੂ ਹੁੰਦੇ ਰਿਸ਼ਤਿਆਂ ਸਬੰਧੀ ਵੀ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਅਤੇ ਸਵੇਦਨਸ਼ੀਲ ਹੋ ਕੇ ਜ਼ਿੰਦਗੀ ਨੂੰ ਮੁਖਾਤਬ ਹੋਣ ਲਈ ਪ੍ਰੇਰਿਆ। ਵਿਦਿਆਰਥੀਆਂ ਨਾਲ ਸੰਵਾਦ ਰਚਦਿਆਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਅਖੀਰ ਵਿਚ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਡਾ. ਭੰਡਾਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਦਿਲਬਾਗ ਸਿੰਘ, ਪ੍ਰੋ. ਅਮਰਜੀਤ ਸਿੰਘ, ਡਾ. ਕੰਵਲਜੀਤ ਸਿੰਘ, ਪ੍ਰੋ. ਮੇਜਰ ਸਿੰਘ, ਡਾ. ਸਰਘੀ ਅਤੇ ਪ੍ਰੋ. ਹਰਮੀਤ ਕੌਰ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।
Comments
Post a Comment