ਇਨਸਾਨ ਨੂੰ ਆਪਣੀ ਮਾਤਰੀ ਜ਼ੁਬਾਨ ਨਾਲ ਜੁੜੇ ਰਹਿਣਾ ਚਾਹੀਦਾ ਹੈ -ਡਾ.ਵਰਿਆਮ ਸਿੰਘ ਸੰਧੂ

ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਨੈਕ ਵੱਲੋਂ “ਏ” ਗ੍ਰੇਡ ਪ੍ਰਾਪਤ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਪੰਜਾਬੀ ਕਹਾਣੀ ਜਗਤ ਦੇ ਪ੍ਰਸਿੱਧ ਕਹਾਣੀਕਾਰ ਡਾ.ਵਰਿਆਮ ਸਿੰਘ ਸੰਧੂ ਨੇ ਵਿਸ਼ੇਸ਼ ਬੁਲਾਰੇ ਵਜੋਂ  ਸ਼ਿਰਕਤ ਕੀਤੀ ਜਿਸਦਾ ਮੁੱਖ ਵਿਸ਼ਾ ਪੰਜਾਬੀ ਮਾਤ ਭਾਸ਼ਾ ਦੇ ਪ੍ਰਸੰਗ ਵਿੱਚ ਪੰਜਾਬੀ ਜ਼ੁਬਾਨ ਦੀ ਤਰਸਯੋਗ ਹਾਲਤ ਬਾਰੇ ਵਿਚਾਰ ਚਰਚਾ ਸੀ ਕਿ ਕਿਸ ਤਰ੍ਹਾਂ ਸਮੇਂ ਦੀਆਂ ਹਕੂਮਤਾਂ ਅਤੇ ਅਜੋਕੇ ਦੌਰ ਦੀਆਂ ਬਦਲਦੀਆਂ ਪ੍ਰਸਥਿਤੀਆਂ ਪੰਜਾਬੀ ਜ਼ੁਬਾਨ ਨੂੰ ਦਿਨ-ਬ-ਦਿਨ ਖੰਡਿਤ ਕਰੀ ਜਾ ਰਹੀਆਂ ਹਨ, ਜਿਸ ਦਾ ਪ੍ਰਮਾਣ ਇਹ ਹੈ ਕਿ ਅੱਜ ਪੰਜਾਬੀ ਜ਼ੁਬਾਨ ਦਾ ਰੂਪ ਹਾਸ਼ੀਆਗ੍ਰਸਤ ਬਣ ਕੇ ਰਹਿ ਗਿਆ। ਉਹਨਾਂ ਨੇ ਇਸ ਸਬੰਧੀ ਵਿਚਾਰ ਚਰਚਾ ਨੂੰ ਨਿੱਜੀ ਅਹਿਸਾਸ ਅਤੇ ਕਹਾਣੀ ਦੇ ਬਿਰਤਾਂਤਕ ਰੂਪਾਂ ਰਾਹੀਂ ਸਮਝਾਉਣ ਦਾ ਯਤਨ ਕੀਤਾ ਅਤੇ ਕਿਹਾ ਕਿ ਬੰਦਾ ਭਾਵੇਂ ਕਿੰਨੀਆਂ ਵੀ ਜ਼ੁਬਾਨਾਂ ਜਾਂ ਭਾਸ਼ਾਵਾਂ ਦਾ ਗਿਆਤਾ ਕਿਉਂ ਨਾ ਹੋਵੇ ਉਸ ਨੂੰ ਆਪਣੀ ਮਾਤਰੀ ਜ਼ੁਬਾਨ, ਸੱਭਿਆਚਾਰ,  ਰਹਿਤਲ,  ਵਿਰਸਾ ਅਤੇ ਇਤਿਹਾਸ ਤੋਂ ਟੁੱਟਣਾ ਨਹੀਂ ਚਾਹੀਦਾ। ਇਸ ਤੋਂ ਬਿਨਾਂ ਉਹਨਾਂ ਨੇ ਆਪਣੇ ਨਿੱਜੀ ਅਨੁਭਵਾਂ ਵਿੱਚੋਂ ਵਿਦਿਆਰਥੀਆਂ ਨੂੰ ਪ੍ਰਸ਼ਨ ਕਰਨ ਅਤੇ ਉਹਨਾਂ ਦੇ ਉੱਤਰ ਤਲਾਸ਼ਣ ਦੀ ਸੇਧ ਦਿੱਤੀ। ਇਸ ਸਮਾਗਮ ਵਿੱਚ ਜਿੱਥੇ ਡਾ. ਸਰਘੀ ਨੇ ਸਵਾਗਤੀ ਸ਼ਬਦ ਕਹੇ ਉੱਥੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਬੰਗੜ ਨੇ ਡਾ. ਵਰਿਆਮ ਸੰਧੂ ਨੂੰ ਰਸਮੀ ਤੌਰ 'ਤੇ ਜੀ ਆਇਆਂ  ਆਖਿਆ ਅਤੇ ਉਹਨਾਂ ਦੀ ਕਹਾਣੀ ਕਲਾ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਵਿਦਿਆਰਥੀ ਡਾ. ਸੰਧੂ ਦੇ ਭਾਵਪੂਰਤ ਵਿਚਾਰਾਂ ਤੋਂ ਸੇਧ ਲੈਣਗੇ ਅਤੇ ਆਪਣੀ ਮਾਤ ਭਾਸ਼ਾ ਨਾਲ ਸੁਹਿਰਦ ਰਿਸ਼ਤਾ ਕਾਇਮ ਕਰਨ ਦਾ ਯਤਨ ਕਰਨਗੇ। ਇਸ ਮੌਕੇ ਵਿਦਿਆਰਥੀਆਂ ਨੇ  ਪ੍ਰਸ਼ਨ ਪੁੱਛ ਕੇ ਡਾ.ਸੰਧੂ ਦੇ ਵਿਚਾਰਾਂ ਪ੍ਰਤੀ ਆਪਣੀ ਜਗਿਆਸਾ ਪ੍ਰਗਟ ਕੀਤੀ। ਡਾ. ਸੰਧੂ ਤੋਂ ਇਲਵਾ ਉਹਨਾਂ ਦੀ ਧਰਮ ਪਤਨੀ ਰਾਜਵੰਤ ਕੌਰ, ਉਹਨਾਂ ਦੇ ਕਰੀਬੀ ਮਲੂਕ ਬਾਦ ਤੇ ਉਹਨਾਂ ਦੀ ਧਰਮ ਪਤਨੀ ਕਰਨਲ ਐਗਨੈਸ ਬਾਦ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।  ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਰਿਹਾ।Comments