ਖਡੂਰ ਸਾਹਿਬ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿੱਬੜਿਆ

ਮੁੱਖ ਮਹਿਮਾਨ ਸ੍ਰੀ ਰਾਜਨ ਕਸ਼ਯਪ, ਆਈ.ਏ.ਐਸ. ਸਾਬਕਾ ਮੁੱਖ ਸਕੱਤਰ ਪੰਜਾਬ ਸਰਕਾਰ ਨੇ ਉਚੇਰੀਆਂ ਪ੍ਰਾਪਤੀਆਂ ਲਈ ਲਗਭਗ ਸਾਢੇ ਚਾਰ ਸੌ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦਾ ਸਾਲਾਨਾ ਇਨਾਮ ਵੰਡ ਸਮਾਗਮ ਸ਼ਾਨਦਾਰ ਤਰੀਕੇ ਨਾਲ ਸੰਪੂਰਨ ਹੋਇਆ। ਮੁੱਖ ਮਹਿਮਾਨ ਸ੍ਰੀ ਰਾਜਨ ਕਸ਼ਯਪ, ਆਈ.ਏ.ਐਸ. ਸਾਬਕਾ ਮੁੱਖ ਸਕੱਤਰ ਪੰਜਾਬ ਸਰਕਾਰ ਨੇ ਅਕਾਦਮਿਕ, ਖੇਡਾਂ, ਸੱਭਿਆਚਾਰਕ, ਐਨ.ਐਸ.ਐਸ,ਐਨ.ਸੀ.ਸੀ, ਆਦਿ ਖੇਤਰਾਂ ਵਿੱਚ ਉਚੇਰੀਆਂ ਪ੍ਰਾਪਤੀਆਂ ਲਈ ਲਗਭਗ ਸਾਢੇ ਚਾਰ ਸੌ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਕਾਲਜ ਪ੍ਰਿੰਸੀਪਲ ਡਾ.ਸੁਰਿੰਦਰ ਬੰਗੜ ਨੇ ਮੱਖ ਮਹਿਮਾਨ ਨੂੰ “ਜੀ ਆਇਆਂ” ਕਿਹਾ ਤੇ ਬੀਤੇ ਅਕਾਦਮਿਕ ਵਰ੍ਹੇ ਦੀਆਂ ਚੋਣਵੀਆਂ ਪ੍ਰਾਪਤੀਆਂ ਸਾਲਾਨਾ ਰਿਪੋਰਟ ਦੇ ਰੂਪ ਵਿੱਚ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੀਆਂ ਪ੍ਰਾਪਤੀਆਂ ਬਦਲੇ ਜੀਵਨ ਵਿੱਚ ਉਚੇਰੀਆਂ ਪ੍ਰਾਪਤੀਆਂ ਕਰਨ ਵਾਲੀਆਂ ਸ਼ਖਸੀਅਤਾਂ ਹੱਥੋਂ ਇਨਾਮ ਪ੍ਰਾਪਤ ਕਰਕੇ ਵੱਡੀ ਪ੍ਰੇਰਨਾ ਗ੍ਰਹਿਣ ਕਰਦੇ ਹਨ।ਮੁੱਖ ਮਹਿਮਾਨ ਸ੍ਰੀ ਰਾਜਨ ਕਸ਼ਯਪ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬਾਬਾ ਸੇਵਾ ਸਿੰਘ ਜੀ ਦੀ ਦੂਰ ਅੰਦੇਸ਼ੀ ਸਦਕਾ ਖਡੂਰ ਸਾਹਿਬ ਵਿੱਚ ਪ੍ਰੰਪਰਾ ਅਤੇ ਆਧੁਨਿਕਤਾ ਦਾ ਅਨੋਖਾ ਮੇਲ ਹੋਇਆ ਹੈ। ਉਨ੍ਹਾਂ ਬਾਬਾ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਸੰਸਥਾਵਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੇ ਸੰਚਾਰ ਦੀ ਵਿਸ਼ੇਸ਼ ਤਾਰੀਫ ਕੀਤੀ। ਪੰਜਾਬ ਦੇ ਮੌਜੂਦਾ ਖੇਤੀ-ਅਰਥਚਾਰੇ ਦੇ ਸੰਕਟ ਸਬੰਧੀ ਭਰਪੂਰ ਵਿਸ਼ਲੇਸ਼ਣ ਪੇਸ਼ ਕੀਤਾ ਅਤੇ ਟਿੱਪਣੀ ਕੀਤੀ ਕਿ ਨਾ-ਸਮਝ ਨੀਤੀਆਂ ਦੀ ਮਾਰ ਕਾਰਨ ਆਰਥਿਕ ਤੌਰ 'ਤੇ ਖੁਸ਼ਹਾਲ ਹੁੰਦਿਆਂ ਹੋਇਆਂ ਵੀ ਵਿੱਤੀ ਤੌਰ 'ਤੇ ਬਰਬਾਦ ਹੋ ਚੁੱਕਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਦੀ ਦਸ਼ਾ ਸੁਧਾਰਨ ਲਈ ਪ੍ਰੇਰਨਾ ਭਰੇ ਸ਼ਬਦ ਕਹੇ ਅਤੇ ਸਿਖਿਆ ਨੂੰ ਉਦਯੋਗ ਨਾਲ ਜੋੜਨ ਦੀ ਗੱਲ ਵੀ ਕੀਤੀ। ਬਾਬਾ ਸੇਵਾ ਸਿੰਘ ਜੀ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਵਿਦਿਆਰਥੀਆਂ ਨੂੰ ਜਿੰਮੇਵਾਰੀ ਦੇ ਅਹਿਸਾਸ ਵਿੱਚ ਰਹਿਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜਿੰਮੇਵਾਰੀ ਦਾ ਅਹਿਸਾਸ ਅਤੇ ਨਿਆਂ ਕਰਨ ਦੀ ਭਾਵਨਾ ਨਾਲ ਹੀ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਉਨ੍ਹਾਂ ਵਾਤਾਵਰਣ ਦੀ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦੁਆਇਆ । ਇਸ ਮੌਕੇ ਸ੍ਰੀ ਰਾਜਨ ਕਸ਼ਯਪ, ਸ੍ਰ. ਮਹਿਲ ਸਿੰਘ ਭੁੱਲਰ, ਸਾਬਕਾ ਡੀ.ਜੀ.ਪੀ. ਪੰਜਾਬ ਪੁਲਿਸ ਸ੍ਰ. ਰਵਿੰਦਰ ਸਿੰਘ ਰੌਬਿਨ, ਬੀਬੀਸੀ ਲੰਦਨ, ਸ੍ਰ. ਹਰਬੀਰ ਸਿੰਘ ਢਿੱਲੋਂ, ਸਵਰਾਜ ਗਰੁੱਪ ਜਲੰਧਰ, ਸ੍ਰ ਬਲਵਿੰਦਰ ਸਿੰਘ ਵੇਈਂ ਪੂੰਈ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਬਾਬਾ ਬਲਦੇਵ ਸਿੰਘ, ਸ੍ਰ. ਅਵਤਾਰ ਸਿੰਘ ਬਾਜਵਾ, ਸ੍ਰ. ਬਲਦੇਵ ਸਿੰਘ ਸੰਧੂ ਸਮੂਹ ਮੈਂਬਰਾਨ ਕਾਲਜ ਪ੍ਰਬੰਧਕੀ ਕਮੇਟੀ ਅਤੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਰਿਹਾ।







Comments