ਕਾਲਜ ਖਡੂਰ ਸਾਹਿਬ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

      ਵਿਦਿਆਰਥਣਾਂ ਆਈ.ਏ.ਐਸ ਅਤੇ ਆਈ.ਪੀ.ਐਸ ਬਣਨ ਲਈ ਯਤਨਸ਼ੀਲ ਹੋਣ- ਇੰਜੀਨੀਅਰ ਡੀ.ਪੀ.ਐਸ ਖਰਬੰਦਾ, ਡੀ.ਸੀ, ਤਰਨ ਤਾਰਨ
                                  ਕਾਲਜ ਖਡੂਰ ਸਾਹਿਬ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਬੰਗੜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਤੁਲਿਤ ਸਮਾਜ ਦੀ ਸਿਰਜਣਾ ਲਈ ਔਰਤਾਂ ਦਾ ਸਸ਼ੱਕਤ ਅਤੇ ਚੇਤੰਨ ਹੋਣਾ ਬਹੁਤ ਜਰੂਰੀ ਹੈ। ਇਸ ਨਾਲ ਹੀ ਸਮਾਜ ਅਤੇ ਦੇਸ਼ ਤਰੱਕੀ ਕਰ ਸਕਦੇ ਹਨ। ਸਮਾਗਮ ਦੇ ਮੁੱਖ ਮਹਿਮਾਨ ਇੰਜੀਨੀਅਰ ਡੀ.ਪੀ.ਐਸ ਖਰਬੰਦਾ, ਡੀ.ਸੀ, ਤਰਨ ਤਾਰਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਇੱਕ ਅਗਾਂਹਵਧੂ ਸੂਬਾ ਹੈ ਇਸ ਲਈ ਇੱਥੇ ਧਰਮ ਦੀਆਂ ਸਿੱਖਿਆਂਵਾਂ ਦਾ ਪਾਲਣ ਹੋਣਾ ਲਾਜ਼ਮੀ ਹੈ। ਉਹਨਾਂ ਵੱਖ-ਵੱਖ ਧਰਮਾਂ ਦੀਆਂ ਉਦਾਹਰਣਾਂ ਰਾਹੀਂ ਸਪੱਸ਼ਟ ਕੀਤਾ ਕਿ ਸਾਰੇ ਅਧਿਆਤਮਕ ਗ੍ਰੰਥ ਔਰਤ ਮਰਦ ਦੇ ਬਰਾਬਰ ਹੱਕਾਂ ਦੀ ਤਾਕੀਦ ਕਰਦੇ ਹਨ। ਉਹਨਾਂ ਇਹ ਕਿਹਾ ਵੀ ਕਿ ਅਕਾਦਮਿਕ, ਖੇਡਾਂ ਜਾਂ ਸੱਭਿਆਚਾਰ ਦੇ ਖੇਤਰਾਂ ਵਿੱਚ ਤਰੱਕੀ ਕਰਨ ਵਾਲੇ ਵਿਦਿਆਰਥੀਆਂ ਨੂੰ ਘਰਾਂ ਵਿੱਚ ਕੰਮ ਕਰਨ ਵਾਲੀਆਂ ਅਤੇ ਅਨਪੜ੍ਹ ਔਰਤਾਂ ਦੀ ਬੇਹਤਰੀ ਲਈ ਕਾਰਜਸ਼ੀਲ ਹੋਣਾ ਚਾਹੀਦਾ ਹੈ। ਉਹਨਾਂ ਵਿਦਿਆਰਥਣਾਂ ਨੂੰ ਆਈ.ਏ.ਐਸ ਅਤੇ ਆਈ.ਪੀ.ਐਸ ਆਦਿ ਉਚੇਰੀਆਂ ਪਦਵੀਆਂ ਪ੍ਰਾਪਤ ਕਰਨ ਲਈ ਪ੍ਰੇਰਨਾਂ ਵੀ ਦਿੱਤੀ। ਵਿਸ਼ੇਸ਼ ਬੁਲਾਰੇ ਡਾ.ਸਵਰਾਜ ਸਿੰਘ ਨੇ ਬੋਲਦਿਆਂ ਕਿਹਾ ਕਿ ਇਸਤਰੀ ਪੁਰਖ ਨੇ ਆਪਣੀ ਕੁਦਰਤੀ ਵੱਖਰਤਾ ਅਤੇ ਵਿਸ਼ੇਸਤਾ ਨੂੰ ਬਰਕਰਾਰ ਰੱਖਦਿਆਂ ਜਿੰਮੇਵਾਰੀਆਂ ਨਿਭਾਉਣੀਆਂ ਹਨ।ਉਨ੍ਹਾਂ ਇਹ ਵੀ ਕਿਹਾ ਕਿ ਅਸਲ ਵਿੱਚ ਔਰਤ ਨੂੰ ਵਿਸ਼ੇਸ਼ ਰੂਪ ਵਿੱਚ ਕੋਮਲਤਾ, ਸਹਿਣਸ਼ੀਲਤਾ, ਖਿਮਾ ਅਤੇ ਮਮਤਾ ਆਦਿ ਗੁਣ ਮਿਲੇ ਹਨ ਜਿੰਨ੍ਹਾਂ ਨੂੰ ਧਾਰਨ ਕਰਨ ਵਾਲਾ ਸਮਾਜ ਨਿਸ਼ਚਤ ਤੌਰ 'ਤੇ ਉੱਤਮ ਹੋਵੇਗਾ। ਡਾ. ਇੰਦਰਜੀਤ ਸਿੰਘ ਵਾਸੂ ਨੇ ਸਿੱਖ ਇਤਿਹਾਸ ਦੀਆਂ ਸਤਿਕਾਰਯੋਗ ਸਿੱਖ ਬੀਬੀਆਂ ਦੇ ਹਵਾਲੇ ਨਾਲ ਗੱਲ ਕਰਦਿਆਂ “ਹਰਿਮੰਦਰ ਇਹ ਸਰੀਰ ਹੈ” ਵਿਸ਼ੇ ਉੱਪਰ ਭਾਵਪੂਰਤ ਵਿਚਾਰ ਪੇਸ਼ ਕੀਤੇ। ਇਸ ਮੌਕੇ ਇਸਤਰੀ-ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਦਰਸਾਉਣ ਲਈ ਕੋਰੀਓਗ੍ਰਾਫੀ, ਪੋਸਟਰ ਮੇਕਿੰਗ, ਸਲੋਗਨ ਮੇਕਿੰਗ , ਕਾਵਿ ਉਚਾਰਨ ਅਤੇ ਭਾਸ਼ਣ ਮੁਕਾਬਲੇ ਕੀਤੇ ਗਏ ਇਹਨਾਂ ਵਿੱਚੋਂ ਕਮਲਪ੍ਰੀਤ ਕੌਰ, ਰਮਨੀਤ ਸੰਧੂ, ਰਜਿੰਦਰ ਕੌਰ, ਪ੍ਰਭਜੀਤ ਕੌਰ ਅਤੇ ਸੁਖਜਿੰਦਰ ਕੌਰ ਅੱਵਲ ਰਹੀਆਂ, ਜਿੰਨ੍ਹਾਂ ਨੂੰ ਮੁੱਖ ਮਹਿਮਾਨ ਦੁਆਰਾ ਇਨਾਮ ਦਿੱਤੇ ਗਏ। ਅਖੀਰ ਵਿੱਚ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਬਾਬਾ ਬਲਵਿੰਦਰ ਸਿੰਘ, ਬਾਬਾ ਬਲਦੇਵ ਸਿੰਘ, ਐਸ.ਡੀ.ਐਮ, ਖਡੂਰ ਸਾਹਿਬ, ਡਾ.ਅਮਨਦੀਪ ਕੌਰ, ਪ੍ਰੋ.ਦਿਲਬਾਗ ਸਿੰਘ, ਡਾ.ਕੁਲਦੀਪ ਸਿੰਘ, ਡਾ.ਕੰਵਲਜੀਤ ਸਿੰਘ, ਡਾ. ਪੰਕਜ ਪਟਿਆਲ, ਪ੍ਰੋ. ਜਤਿੰਦਰ ਸਿੰਘ,  ਡਾ.ਸਰਘੀ, ਸ੍ਰੀਮਤੀ ਪ੍ਰਭਜੋਤ ਕੌਰ, ਪ੍ਰੋ. ਮਨਪ੍ਰੀਤ ਕੌਰ ਗਿੱਲ, ਪ੍ਰੋ.ਸ਼ਿਵਾਨੀ ਸ਼ਰਮਾ, ਪ੍ਰੋ. ਸ਼ਰੂਤੀ ਸ਼ਰਮਾ  ਆਦਿ ਹਾਜ਼ਰ ਸਨ।

Comments